ਦਫਤਰ ਬੈਠਾ ਮੈਂ ਸਾਹਮਣੇ ਟੇਬਲ ਤੇ ਪਏ ਪੇਪਰਵੇਟ ਨੂੰ ਕਿੰਨੇ ਹੀ ਚਿਰ ਤੋਂ ਅਵਾਗੌਣ ਘੁਮਾਈ ਜਾ ਰਿਹਾਂ। ਕੰਧ ਤੇ ਟੰਗੀ ਘੜੀ ਦੀ ਟਿਕ-ਟਿਕ ਅਤੇ ਪੱਖੇ ਦੀ ਹਵਾ ਨਾਲ ਖੜਕਦਾ ਪੰਜਾਬ ਸਰਕਾਰ ਦਾ ਕੈਲੰਡਰ ਮੇਰੀ ਬਿਰਤੀ ਚ ਖਲਲ ਪਾ ਰਹੇ ਨੇ। ਤਿੰਨ ਚਾਰ ਜਰੂਰੀ ਕੰਮ ਨਿਪਟਾਉਣ ਵਾਲੇ ਪਏ ਨੇ । ਮੇਰਾ ਸਟੈਨੋ ਦੋ ਵਾਰ ਮੇਰੇ ਕਮਰੇ ਚ ਆ ਕੇ ਗੱਲੀਂ-ਬਾਤੀਂ ਮੈਨੂੰ ਕੰਮ ਬਾਰੇ ਦੱਸ ਗਿਆ । ਪਰ ਮੈਂ ਉਸ ਦੀ ਹਰੇਕ ਗੱਲ ਦਾ ਜੁਆਬ ਹੂੰਅ-ਹਾਂਅ ਚ ਹੀ ਦੇ ਸਕਿਆ । ਮੇਰਾ ਧਿਆਨ ਕਿਤੇ ਹੋਰ ਵੇਖ, ਉਹ ਜਿਆਦਾ ਦੇਰ ਮੇਰੇ ਕੋਲ ਬੈਠਾ ਨਹੀਂ । ਮੇਰੀ ਪੈਂਟ ਦੀ ਸੱਜੀ ਜੇਬ ਚ ਪਈ ਆਸ਼ੂ ਦੀ ਚਿੱਠੀ ਦੀ ਇਬਾਰਤ ਬਾਰ ਬਾਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਇਹ ਕਾਗ॥ ਦਾ ਪੁਰਜਾਨੁਮਾ ਚਿੱਠੀ ਆਸ਼ੂ ਨੇ ਮੈਨੂੰ ਸਵੇਰੇ ਦਫਤਰ ਤੁਰਨ ਲੱਗੇ ਨੂੰ ਫੜਾਈ ਸੀ । ਨਾਲ ਹੀ ਇੱਕ ਨਿੱਕੀ ਜਿਹੀ ਲਿਸਟ ਸਾਮਾਨ ਦੀ ਵੀ ਸੀ। ਸਾਮਾਨ ਦੀ ਲਿਸਟ ਤੇ ਸਰਸਰੀ ਜਿਹੀ ਨਿਗ੍ਹਾ ਮਾਰ ਕੇ ਮੈਂ ਤਹਿ ਕੀਤੀ ਦੂਜੀ ਚਿੱਠੀ ਜਿਹੀ ਬਾਰੇ ਆਸ਼ੂ ਵੱਲ ਸੁਆਲੀਆ ਨਿਗਾਹ ਨਾਲ ਤੱਕਿਆ। ਜਨਮ ਦਿਨ ਦੇ ਤੋਹਫੇ ਬਾਰੇ, ਆਸ਼ੂ ਨੇ ਹੌਲੇ ਜਿਹੇ ਮੁਸਕਰਾ ਕੇ ਕਿਹਾ ਸੀ। ਮੈਂ ਮਨ ਹੀ ਮਨ ਮੁਸਕਰਾਇਆ । ਅੱਜ ਉਸ ਦਾ ਜਨਮ ਦਿਨ ਸੀ। ਬਰਥਡੇ ਵਿਸ਼ ਤਾਂ ਮੈਂ ਉਸ ਨੂੰ ਤੜਕੇ ਉਠਦਿਆਂ ਸਾਰ ਹੀ ਕਰ ਦਿੱਤੀ ਸੀ, ਤੇ ਤੋਹਫਾ ਮੈਂ ਉਸ ਵਾਸਤੇ ਕੱਲ ਹੀ ਖਰੀਦ ਲਿਆ ਸੀ। ਪਹਿਲਾਂ ਵੀ ਕਦੀ ਕਦੀ ਉਹ ਇਵੇਂ ਈ ਕਰਦੀ ਹੁੰਦੀ ਸੀ। ਜਦੋਂ ਵੀ ਉਸ ਨੂੰ ਕੋਈ ਖਾਸ ਚੀਜ ਚਾਹੀਦੀ ਹੋਵੇ ਤਾਂ ਉਹ ਨਿੱਕੇ ਜਿਹੇ ਕਾਗਜ ਤੇ ਲਿਖ ਕੇ ਮੈਨੂੰ ਫੜਾ ਦਿੰਦੀ ਤੇ ਮੈਂ ਲਿਆ ਦਿੰਦਾ । ਇਹ ਸਾਡੇ ਦੋਵਾਂ ਦਾ ਪਿਆਰਾ ਤੇ ਮ॥ਾਹੀਆ ਅੰਦਾਜ ਸੀ। ਪਰ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਸਨ। ਪਰ ਅੱਜ ਆਸ਼ੂ ਦੀ ਅਨੋਖੀ ਜਿਹੀ ਮੰਗ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੀ ਭੋਲੀ ਭਾਲੀ ਪਤਨੀ ਦੇ ਮਨ ਵਿੱਚ ਕੀ ਰਿੱਝ-ਪੱਕ ਰਿਹਾ ਸੀ। ਆਖਿਰ ਉਸ ਦੇ ਮਨ ਵਿੱਚ ਇਹ ਗੱਲ ਆਈ ਤਾਂ ਆਈ ਕਿਵੇਂ ? ਤੇ ਕਿਉਂ ਆਈ ? ਇਸ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ । ਮੈਂ ਕਾਰਣ ਜਾਨਣ ਲਈ ਆਪਣੀ ਵਿਆਹੁਤਾ ਜਿੰਦਗੀ ਤੇ ਨਜਰ ਮਾਰਦਾ ..ਬੀ.ਏ. ਫਾਇਨਲ ਚ ਪੜ੍ਹਦਿਆਂ ਹੀ ਆਸ਼ੂ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ। ਭੋਲੀ ਭਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ। ਵਿਹੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹਨੀਮੂਨ ਲਈ ਕਿੱਥੇ ਚੱਲਣਾ ਫਿਰ ? ਵਿਆਹ ਤੋਂ ਚਾਰ ਪੰਜ ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਵਕੜੀ ਚ ਲੈਂਦਿਆਂ ਪੁੱਛਿਆ ਸੀ।
