ਭੋਲੀ ਭਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ। ਵਿਹੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹਨੀਮੂਨ ਲਈ ਕਿੱਥੇ ਚੱਲਣਾ ਫਿਰ ? ਵਿਆਹ ਤੋਂ ਚਾਰ ਪੰਜ ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਵਕੜੀ ਚ ਲੈਂਦਿਆਂ ਪੁੱਛਿਆ ਸੀ। ਨੈਨੀਤਾਲ, ਉਸ ਸ਼ਰਮਾ ਕੇ ਸੰਖੇਪ ਜਿਹਾ ਉੱਤਰ ਦਿੱਤਾ ਸੀ। ਲੈ ਛੱਡ ਨੈਨੀਤਾਲ ਨੂੰ, ਆਪਾਂ ਮਨਾਲੀ ਚਲਾਂਗੇ ਬਹੁਤ ਵਧੀਆ ਜਗ੍ਹਾ ਮੈਂ ਖੁਸ਼ੀ ਦੇ ਰੌਂਅ ਚ ਕਿਹਾ। ਨੈਨੀਤਾਲ ਤਾਂ ਮੈਂ ਪਹਿਲਾਂ ਵੀ ਕਈ ਵਾਰ ਜਾ ਚੁੱਕਿਆ ਸੀ, ਮੈਂ ਸੋਚਿਆ । ਜਿਵੇਂ ਤੁਹਾਡੀ ਮਰਜੀ, ਆਸ਼ੂ ਨੇ ਬੁਝੀ ਜਿਹੀ ਸੁਰ ਚ ਕਿਹਾ ਸੀ। ਮਨਾਲੀ ਅਸੀਂ ਬਹੁਤ ਇਨਜੋਏ ਕੀਤਾ । ਛੇ ਦਿਨ ਕਿਵੇਂ ਬੀਤ ਗਏ ਪਤਾ ਵੀ ਨੀ ਚੱਲਿਆ। ਆਸ਼ੂ ਚਹਿਕੀ ਚਹਿਕੀ ਤੇ ਖੁਸ਼ ਨਜਰ ਆ ਰਹੀ ਸੀ। ਮੁੜਨ ਤੋਂ ਇਕ ਦਿਨ ਪਹਿਲਾਂ ਮੇਰੇ ਨਾਲ ਲਿਪਟੀ ਉਹ ਬੋਲੀ, ਅਗਲੀ ਵਾਰ ਜਦੋਂ ਕਦੀ ਘੁੰਮਣ ਦਾ ਪ੍ਰੋਗਰਾਮ ਬਨਾਉਣਾ ਤਾਂ ਨੈਨੀਤਾਲ ਦਾ ਬਨਾਉਣਾ। ਮੈਂ ਮੁਸਕਰਾ ਕੇ ਉਸ ਨੂੰ ਬਾਂਹਾਂ ਚ ਸਮੇਟਦਿਆ ਹਾਂ ਕਹੀ ਸੀ। ਪਰ ਰੁਝੇਵਿਆਂ ਕਰਕੇ ਕਹਿ ਲਉ ਜਾਂ ਵੈਸੇ ਹੀ, ਮੁੜ ਕਦੀ ਨੈਨੀਤਾਲ ਜਾਣ ਦਾ ਸਬੱਬ ਨਾ ਬਣ ਸਕਿਆ। ਹਨੀਮੂਨ ਤੋਂ ਵਾਪਸ ਆ ਛੇਤੀ ਹੀ ਉਹ ਸਾਰੇ ਘਰ ਦੀ ਚਹੇਤੀ ਬਣ ਗਈ ਸੀ। ਉਸ ਦਾ ਹਸਮੁੱਖ ਸੁਭਾਅ ਸਭ ਨੂੰ ਪਸੰਦ ਆਇਆ ਸੀ। ਬੀਜੀ ਬਾਊ ਜੀ ਦੀ ਸੇਵਾ ਕਰਦਿਆਂ ਤੇ ਨਿੱਕੀ ਨਾਲ ਰਸੌਈ ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੀ ਉਹ ਚੰਗੀ ਨੂੰਹ ਦੇ ਸਾਰੇ ਫਰਜ ਪੂਰੇ ਕਰ ਰਹੀ ਸੀ। ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੀ ਹਾਂ, ਮੇਰੇ ਨਾਲ ਬੈਡ ਤੇ ਲੇਟੀ ਆਸ਼ੂ ਨੇ ਇਕ ਦਿਨ ਇ॥ਾ॥ਤ ਮੰਗਣ ਵਾਂਗ ਪੁੱਛਿਆ। ਲੈ, ਛੱਡ ਪਰ੍ਹਾਂ, ਹੁਣ ਕੀ ਕਰਨਾ ਪੜ੍ਹ ਕੇ, ਵਿਆਹ ਹੋ ਗਿਆ, ਚੰਗਾ ਵਰ ਘਰ ਮਿਲ ਗਿਆ। ਕਿਸੇ ਚੀਜ ਦੀ ਕਮੀ ਹੈ ਤੈਨੂੰ, ਮੈਂ ਹੁਕਮ ਸੁਨਾਉਣ ਵਾਂਗ ਆਖਿਆ ਸੀ। ਉਹ ਬਿਨਾਂ ਕੋਈ ਜਵਾਬ ਦਿੱਤਿਆ ਮੂੰਹ ਲਟਕਾ ਕੇ ਮੇਰੇ ਨਾਲੋਂ ਉਠ ਕੇ ਰਸੋਈ ਚ ਜਾ ਵੜੀ ਸੀ। ਮੁੜ ਕਦੀ ਉਸ ਪੜ੍ਹਾਈ ਦਾ ਨਾਮ ਨਾ ਲਿਆ। ਉਪਰੋਂ-ਥਲੀ ਨੰਨ੍ਹੇ ਮਹਿਮਾਨ ਬਣ ਕੇ ਆਏ ਆਸਥਾ ਤੇ ਮਨੂੰ ਨੇ ਸਾਡੇ ਘਰ ਨੂੰ ਚਹਿਕਣ ਲਾ ਦਿੱਤਾ। ਆਸ਼ੂ ਦੀਆਂ ਜਿੰਮੇਦਾਰੀਆਂ ਵੱਧ ਗਈਆਂ ਸਨ। ਵਧੀਆਂ ਜਿੰਮੇਦਾਰੀਆਂ ਚ ਉਸ ਦੀਆਂ ਆਪਣੀਆਂ ਚਹਿਚਹਾਟਾਂ ਕਿਧਰੇ ਗੁਆਚ ਜਿਹੀਆਂ ਗਈਆਂ ਸਨ। ਪਰ ਇਹ ਸਭ ਤਾਂ ਰੂਟੀਨ ਦੀਆਂ ਗੱਲਾਂ ਹਨ। ਸਾਰੀਆਂ ਔਰਤਾਂ ਦੀ ਜਿੰਦਗੀ ਦੀ ਰੂਟੀਨ ਲਗਭਗ ਇਹੋ ਜਿਹੀ ਹੀ ਤਾਂ ਹੁੰਦੀ ਹੈ । ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਿਹਾ, ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ। ਪਰ ਦਿਮਾਗ ਮੁੜ-ਘਿੜ ਉਸੇ ਗੱਲ ਤੇ ਆ ਟਿਕਦਾ। ਤੇ ਫਿਰ ਤੋਂ ਸੋਚ ਉਥੇ ਜਾ ਖੜਦੀ। ਮੈਂ ਆਪਣੇ ਬਾਰੇ ਸੋਚਣ ਲੱਗਾ।
