ਸਾਰੀਆਂ ਔਰਤਾਂ ਦੀ ਜਿੰਦਗੀ ਦੀ ਰੂਟੀਨ ਲਗਭਗ ਇਹੋ ਜਿਹੀ ਹੀ ਤਾਂ ਹੁੰਦੀ ਹੈ । ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਿਹਾ, ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ। ਪਰ ਦਿਮਾਗ ਮੁੜ-ਘਿੜ ਉਸੇ ਗੱਲ ਤੇ ਆ ਟਿਕਦਾ। ਤੇ ਫਿਰ ਤੋਂ ਸੋਚ ਉਥੇ ਜਾ ਖੜਦੀ। ਮੈਂ ਆਪਣੇ ਬਾਰੇ ਸੋਚਣ ਲੱਗਾ। ਦਫਤਰੀ ਕੰਮ ਦਾ ਬਹਾਨਾ ਬਣਾ ਕੇ ਘਰੋਂ ਦੋ-ਦੋ ਚਾਰ-ਚਾਰ ਦਿਨ ਬਾਹਰ ਰਹਿ ਆਉਂਦਾ ਤੇ ਮੌਕਾ ਮਿਲਣ ਤੇ ਥੋੜੀ ਬਹੁਤ ਮਸਤੀ ਵੀ ਕਰ ਲੈਂਦਾ। ਆਖਿਰ ਸਰਕਾਰੀ ਅਧਿਕਾਰੀ ਸਾਂ। ਪਰ ਆਸ਼ੂ ਨੂੰ ਕਦੀ ਕਿਸੀ ਕਿਸਮ ਦਾ ਸ਼ੱਕ ਨਹੀਂ ਸੀ ਹੋਣ ਦਿੱਤਾ । ਹਾਂ, ਮੇਰੇ ਘਰ ਪਰਤਣ ਤੇ ਇਕ ਅੱਧਾ ਦਿਨ ਘੁੱਟੀ ਵੱਟੀ ਜਿਹੀ ਰਹਿੰਦੀ ਸੀ। ਪਰ ਬੋਲਦੀ ਨਹੀਂ ਸੀ ਕਦੀ ਵੀ ਕੁਝ ਵੀ । ਫਿਰ ਆਪੇ ਹੀ ਨਾਰਮਲ ਹੋ ਜਾਂਦੀ। ਬਹੁਤਾ ਗੁੱਸਾ ਹੋ ਕੇ ਆਖਿਰ ਉਹਨੇ ਜਾਣਾ ਵੀ ਕਿੱਥੇ ਸੀ, ਮੇਰੇ ਵਰਗਾ ਸਰਕਾਰੀ ਅਫਸਰ ਰੋਜ ਰੋਜ ਤਾਂ ਨਹੀਂ ਥਿਆਉਂਦਾ। ਪਰ ਉਸ ਦੇ ਅਜਿਹਾ ਸੋਚਣ ਲਈ ਇਹ ਸਭ ਕਾਰਣ ਬਹੁਤ ਛੋਟੇ ਛੋਟੇ ਤੇ ਨਾਕਾਫੀ ਸਨ। ਮੇਰਾ ਧਿਆਨ ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਵਲ੍ਹ ਚਲਾ ਗਿਆ । ਆਖਿਰ ਮੇਰੀ ਪਤਨੀ ਅਜਿਹਾ ਕਿਉਂ ਸੋਚ ਰਹੀ ਹੈ ? ਮੈਂ ਆਪਣੇ ਆਪ ਨੂੰ ਸੁਆਲ ਕੀਤਾ। ਆਸ਼ੂ ਨੇ ਕਦੀ ਕਿਤੇ ਜਾਣਾ ਹੁੰਦਾ ਤਾਂ ਮੈਂ ਆਪ ਨਾਲ ਲੈ ਕੇ ਜਾਂਦਾ। ਰਿਸ਼ਤੇਦਾਰੀ ਚ ਜਾਣਾ ਹੋਵੇ ਜਾਂ ਪੇਕਿਆਂ ਦੇ ਤੇ ਚਾਹੇ ਕਿਸੇ ਸਹੇਲੀ ਦੇ ਘਰ ਹੀ ਕਿਉਂ ਨਾ ਜਾਣਾ ਹੋਵੇ, ਮੈਂ ਹਮੇਸ਼ਾ ਉਸ ਨੂੰ ਆਪ ਨਾਲ ਲੈ ਕੇ ਜਾਂਦਾ। ਮੇਰੇ ਇਸ ਵਤੀਰੇ ਤੋਂ ਕਦੀ ਕਦੀ ਉਹ ਝੁੰਜਲਾ ਜਿਹਾ ਵੀ ਜਾਂਦੀ ਪਰ ॥ਾਹਿਰ ਤੌਰ ਤੇ ਕਦੀ ਕੁਝ ਨਾ ਕਹਿੰਦੀ। ਉਸ ਲਈ ਘਰ ਬੈਠੀ ਲਈ ਮੈਂ ਹਰ ਤਰ੍ਹਾਂ ਦਾ ਸਮਾਨ ਖਰੀਦ ਕੇ ਲਿਆਉਂਦਾ। ਕਪੜੇ, ਗਹਿਣੇ ਇਥੋਂ ਤੱਕ ਕਿ ਮੇਕਅਪ ਦਾ ਸਾਮਾਨ ਵੀ ਮੈਂ ਆਪ ਲੈ ਕੇ ਆਉਂਦਾ। ਮੈਨੂੰ ਵਧੀਆ ਤੇ ਬ੍ਰਾਂਡਿਡ ਚੀਜਾ ਪਸੰਦ ਸਨ। ਪੈਸਿਆਂ ਦੀ ਮੈਂ ਕਦੀ ਬਹੁਤੀ ਪਰਵਾਹ ਨਹੀਂ ਕੀਤੀ। ਇਕ ਦੋ ਵਾਰ ਉਸ ਨੇ ਮੇਰੀਆਂ ਲਿਆਂਦੀਆਂ ਚੀਜਾ ਤੇ ਦੱਬੀ-ਘੁੱਟੀ ਸੁਰ ਵਿੱਚ ਨਾਪਸੰਦਗੀ ਜਿਹੀ ਵੀ ਜਾਹਿਰ ਕੀਤੀ ਪਰ ਹੌਲੀ-ਹੌਲੀ ਮੇਰੀ ਉੱਚੀ ਪਸੰਦ ਉਸ ਦੀ ਪਸੰਦ ਬਣ ਗਈ ਸੀ। ਏਨਾ ਕੁਝ ਤਾਂ ਕਰਦਾ ਮੈਂ ਉਸ ਲਈ, ਫਿਰ ਪਤਾ ਨਹੀਂ ਉਹਦੇ ਦਿਮਾਗ ਚ ਕੀ ਚਲ ਰਿਹਾ । ਹਾਂ, ਆਸ਼ੂ ਨੂੰ ਸਿਨੇਮਾ ਵੇਖਣ ਦਾ ਬਹੁਤ ਸ਼ੌਕ ਹੁੰਦਾ ਸੀ। ਪਰ ਮੈਨੂੰ ਇਹ ਦੁਨੀਆਂ ਦਾ ਸਭ ਤੋਂ ਬੋਰਿੰਗ ਕੰਮ ਲਗਦਾ । ਤਿੰਨ ਘੰਟੇ ਸਿਨੇਮਾ ਹਾਲ ਚ ਬੈਠਣਾ ਮੇਰੇ ਲਈ ਹੈਲ ਸੀ।
