ਪਰ ਆਸ਼ੂ ਦਾ ਇੰਝ ਸੋਚਣਾ ਆਖਿਰ ਮੇਰੀ ਸਮਝ ਤੋਂ ਪਰੇ ਸੀ। ਸਰ ਚਾਹ, ਸੇਵਕ ਰਾਮ ਨੇ ਤਸ਼ਤਰੀ ਚ ਰੱਖਿਆ ਚਾਹ ਦਾ ਕੱਪ ਮੇਰੇ ਸਾਹਮਣੇ ਲਿਆ ਕੇ ਰੱਖਿਆ ਤਾਂ ਮੈਂ ਆਪਣੇ ਆਪੇ ਚ ਪਰਤਿਆ। ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਪੜ੍ਹ ਮੈਂ ਫਿਰ ਤੋਂ ਬੇਚੈਨ ਹੋ ਗਿਆ। ਜੇ ਭਲਾਂ ਮੈਂ ਇਕ ਮਿੰਟ ਲਈ ਆਸ਼ੂ ਦੀ ਇਸ ਫਰਮਾਇਸ਼ ਨੂੰ ਮੰਨ ਵੀ ਲਵਾਂ ਤਾਂ ਉਹ ਇਹ ਕਿਉਂ ਕਹਿ ਰਹੀ ਹੈ ਕਿ ਮੈਂ ਉਸ ਤੋਂ ਇਸ ਬਾਬਤ ਉਮਰ ਭਰ ਕੁਝ ਨਾ ਪੁੱਛਾਂ। ਇਸ ਗੱਲ ਦਾ ਤਾਂ ਖਿਆਲ ਹੀ ਬਹੁਤ ਤਕਲੀਫ ਦੇਹ ਸੀ। ਇਹ ਗੱਲ ਸਾਰੀ ਉਮਰ ਮੇਰੇ ਸੀਨੇ ਚ ਨਸ਼ਤਰ ਬਣ ਕੇ ਖੁੱਭੀ ਰਹੇਗੀ। ਦੀਵਾਰ ਘੜੀ ਨੇ ਟਨ-ਟਨ ਕਰਕੇ ਪੰਜ ਵੱਜਣ ਦਾ ਅਹਿਸਾਸ ਕਰਵਾਇਆ। ਸਾਹਮਣੇ ਟੇਬਲ ਤੇ ਪਈ ਚਾਹ ਕਦੋਂ ਦੀ ਠੰਡੀ ਹੋ ਚੁੱਕੀ ਸੀ। ਦਫਤਰੋਂ ਛੁੱਟੀ ਕਰ ਮੈਂ ਅਨਮਨੇ ਮਨ ਨਾਲ ਕਾਰ ਬਾ॥ਾਰ ਵੱਲ ਨੂੰ ਘੁਮਾ ਲਈ। ਨਿੱਕਾ ਮੋਟਾ ਸਮਾਨ ਖਰੀਦ ਕੇ ਮੈਂ ਸੋਚਾਂ ਚ ਡੁੱਬਾ ਘਰ ਪਹੁੰਚਿਆ । ਗੇਟ ਆਸ਼ੂ ਨੇ ਖੋਲਿਆ। ਅਕਸਰ ਗੇਟ ਬਾਊ ਜੀ ਖੋਲਦੇ ਸਨ, ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਬੀਜੀ ਬਾਊ ਜੀ ਤਾਂ ਕਲ ਦੇ ਅੰਬਾਲੇ ਚਾਚਾ ਜੀ ਹੋਰਾਂ ਕੋਲ ਗਏ ਹੋਏ ਨੇ। ਆਸ਼ੂ ਮੇਰਾ ਬਰੀਫਕੇਸ ਤੇ ਹੋਰ ਸਮਾਨ ਪਕੜ ਕੇ ਅੰਦਰ ਚਲੇ ਗਈ। ਮੈਂ ਲਾਬੀ ਚ ਪਏ ਸੋਫੇ ਤੇ ਬੈਠ ਟਾਈ ਦੀ ਨਾਟ ਨੂੰ ਢਿੱਲਾ ਕਰਕੇ ਰਿਲੈਕਸ ਜਿਹਾ ਹੋ ਗਿਆ। ਆਸ਼ੂ ਪਾਣੀ ਲੈ ਕੇ ਆਈ ਤਾਂ ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਵੇਖ ਮੈਂ ਵੀ ਜਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਕਿਧਰ ਗਏ ? ਨਿੱਕੀ ਨਾਲ ਪਾਰਕ ਚ ਗਏ ਨੇ, ਉਹ ਮੇਰੇ ਨਾਲ ਈ ਸੋਫੇ ਤੇ ਬੈਠ ਮੇਰੇ ਮੋਢੇ ਨਾਲ ਲੱਗ ਕੇ ਕੁਝ ਗੁਣਗੁਣਾਉਣ ਲੱਗੀ। ਮੈਂ ਪਤਾ ਨਹੀਂ ਕਿਉਂ ਉਸ ਤੋਂ ਨਜਰਾਂ ਬਚਾਉਣ ਦੀ ਕੋਸ਼ਿਸ਼ ਚ ਸਾਂ। ਮੇਰਾ ਗਿਫਟ ਆਸ਼ੂ ਨੇ ਲਾਡ ਜਿਹੇ ਨਾਲ ਪੁੱਛਿਆ। ਮੈਂ ਉਠ ਕੇ ਕਮਰੇ ਚ ਗਿਆ ਤੇ ਬਰੀਫ ਕੇਸ ਚੋਂ ਇਕ ਖੂਬਸੂਰਤ ਡੱਬੀ ਕੱਢ ਕੇ ਲੈ ਆਇਆ । ਡੱਬੀ ਖੋਲ ਕੇ ਉਹਦੇ ਵਿੱਚੋਂ ਲਾਲ ਰੰਗ ਦਾ ਇਕ ਤਹਿ ਕੀਤਾ ਕਾਗਜ ਕੱਢ ਕੇ ਮੈਂ ਆਪਣੀ ਤਲੀ ਤੇ ਰੱਖ ਆਸ਼ੂ ਦੇ ਅੱਗੇ ਕਰ ਦਿੱਤਾ। ਊਂ-ਹੂੰਅ, ਮੇਰੀ ਚਿੱਠੀ ਵਾਲਾ ਗਿਫਟ, ਆਸ਼ੂ ਨੇ ਲਾਲ ਕਾਗਜ ਨੂੰ ਮੇਰੀ ਮੁੱਠੀ ਵਿੱਚ ਘੁੱਟਦਿਆਂ ਕਿਹਾ। ਇਕ ਪਲ ਲਈ ਮੈਂ ਸਕਪਕਾ ਜਿਹਾ ਗਿਆ, ਪਰ ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਲੈ ਹੈਂਅ ਕਮਲੀ ਨਾ ਹੋਵੇ ਤਾਂ, ਇਹ ਕਿਹੋ ਜਿਹੀ ਮੰਗ ਸੀ ਤੇਰੀ, ਇਵੇਂ ਵੀ ਹੁੰਦਾ ਕਦੀ ?
