ਤੀਵੀਆਂ ਨੂੰ ਭਲਾ ਇਹੋ ਜਿਹੀਆਂ ਗੱਲਾਂ ਪੁੱਛ ਕੇ ਐਵੇਂ ਕੀ ਭੂਏ ਚੜ੍ਹਾਉਣਾ ਹੋਇਆ। ਸਭ ਕੁਝ ਠੀਕ ਠਾਕ ਹੀ ਤਾਂ ਚੱਲ ਰਿਹਾ ਸੀ। ਦਿਮਾਗ ਤੇ ਥੋੜਾ ਹੋਰ ਜੋਰ ਪਾਇਆ, ਮੈਨੂੰ ਕਮਲ ਇੰਦਰ ਦਾ ਖਿਆਲ ਪਤਾ ਨਹੀਂ ਕਿਥੋਂ ਆ ਗਿਆ। ਕੁਆਰੇ ਹੁੰਦਿਆਂ ਆਸ਼ੂ ਕਮਲ ਇੰਦਰ ਕੋਲੋਂ ਸਿਤਾਰ ਸਿੱਖਣ ਜਾਂਦੀ ਹੁੰਦੀ ਸੀ। ਮੰਗਣੀ ਹੁੰਦਿਆਂ ਈ ਮੈਂ ਉਸ ਦੇ ਘਰ ਸੁਨੇਹਾ ਭਿਜਵਾ ਦਿੱਤਾ ਸੀ ਕਿ ਮੈਨੂੰ ਇਹ ਗਾਣੇ ਬਜਾਣੇ ਪਸੰਦ ਨਹੀਂ। ਇਹ ਬੰਦ ਕਰਵਾ ਦਿਉ। ਵਿਆਹ ਤੋਂ ਬਾਅਦ ਇਕ ਅੱਧੀ ਵਾਰੀ ਕਮਲਇੰਦਰ ਦਾ ਨਾਮ ਆਸ਼ੂ ਦੀ ਜੁਬਾਨ ਤੇ ਆਇਆ ਤਾਂ ਉਸ ਦੇ ਚਿਹਰੇ ਤੇ ਆਇਆ ਨੂਰ ਜਿਹਾ ਵੇਖ ਮੈਨੂੰ ਚਿੜ ਹੋਈ ਸੀ। ਮੇਰੀ ਮਨੋਸਥਿਤੀ ਨੂੰ ਉਸ ਨੇ ਭਾਂਪ ਲਿਆ ਸੀ। ਮੁੜ ਕਦੀ ਉਸ ਕਮਲਇੰਦਰ ਤਾਂ ਕੀ, ਸਿਤਾਰ, ਹਰਮੋਨੀਅਮ, ਤਬਲੇ ਤੱਕ ਦਾ ਵੀ ਨਾਮ ਨਹੀਂ ਸੀ ਲਿਆ। ਪਰ ਇਹ ਸਭ ਗੱਲਾਂ ਤਾਂ ਹੁਣ ਬਹੁਤ ਪਿੱਛੇ ਛੁੱਟ ਚੁੱਕੀਆਂ ਸਨ। ਇਨ੍ਹਾਂ ਦਾ ਹੁਣ ਕੋਈ ਮਹੱਤਵ ਨਹੀਂ ਸੀ ਰਹਿ ਗਿਆ। ਜਿੰਦਗੀ ਚੰਗੀ ਭਲੀ ਚਾਲੇ ਪਈ ਹੋਈ ਸੀ। ਮੈਂ ਸਿਰ ਨੂੰ ਹਲਕਾ ਜਿਹਾ ਝਟਕਾ ਦਿੱਤਾ। ਮੇਰਾ ਸਿਰ ਭਾਰਾ ਭਾਰਾ ਜਿਹਾ ਹੋ ਗਿਆ ਸੀ। ਦਫਤਰ ਚ ਪਈਆਂ ਸਰਕਾਰੀ ਜਿਹੀਆਂ ਚੀਜਾਂ ਤੇ ਇਕ ਸਰਸਰੀ ਜਿਹੀ ਨਿਗਾਹ ਮਾਰ ਕੇ ਆਪਣਾ ਧਿਆਨ ਵੰਡਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦਾ। ਪਰ ਸੁਰਤ ਮੁੜ-ਮੁੜ, ਉਥੇ ਹੀ ਪਹੁੰਚ ਜਾਂਦੀ। ਮੈਂ ਆਸ਼ੂ ਦੇ ਪਿਛਲੇ ਕੁਝ ਸਮੇਂ ਦੇ ਬਿਹੇਵੀਅਰ ਬਾਰੇ ਸੋਚਣ ਲਗਦਾ। ਉਹਦੇ ਵਿਹਾਰ ਚ ਅਚਾਨਕ ਕੋਈ ਵੱਡੀ ਤਬਦੀਲੀ ਨਹੀਂ ਸੀ ਆਈ। ਪਰ ਹਾਂ ਛੋਟੀਆਂ ਛੋਟੀਆਂ ਗੱਲਾਂ ਮੈਂ ॥ਰੂਰ ਵੇਖੀਆਂ ਸਨ। ਪਰ ਉਹ ਗੱਲਾਂ ਜਿਆਦਾ ਨੋਟ ਕਰਨ ਵਾਲੀਆਂ ਮੈਨੂੰ ਨਾ ਲੱਗੀਆਂ। ਜਿਵੇਂ ਸ਼ੁਰੂ ਸ਼ੁਰੂ ਚ ਉਸ ਨੂੰ ਗਹਿਣੇ ਪਹਿਨਣ ਦਾ ਬਹੁਤ ਸ਼ੌਕ ਸੀ ਪਰ ਹੋਲੀ-ਹੋਲੀ ਉਸਨੇ ਗਹਿਣੇ ਉਤਾਰ ਕੇ ਲਾਕਰ ਚ ਰਖਵਾ ਦਿੱਤੇ ਸਨ। ਮੈਨੂੰ ਉਸ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਚੰਗੀ ਲੱਗਦੀ ਸੀ ਪਰ ਉਸਨੇ ਉਹ ਵੀ ਉਤਾਰ ਦਿੱਤੀਆਂ ਸਨ ਤੇ ਮੁੜ ਕਦੀ ਨਾ ਪਹਿਨੀਆਂ। ਪਹਿਲਾਂ ਪਹਿਲਾਂ ਉਹ ਹਰ ਤਰ੍ਹਾਂ ਦੇ ਵਰਤ ਵਗੈਰਾ ਰੱਖਦੀ ਹੁੰਦੀ ਸੀ ਪਰ ਹੌਲੀ-ਹੌਲੀ ਉਸ ਨੇ ਉਹ ਸਭ ਵੀ ਛੱਡ ਦਿੱਤੇ ਸਨ। ਬੀਜੀ ਨੇ ਥੋੜਾ ਬਹੁਤ ਇਤਰਾਜ ਕੀਤਾ ਸੀ ਤੇ ਮੈਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਲੱਗਾ। ਮੈਨੂੰ ਉਸ ਦਾ ਸਵੇਰੇ ਸਵੇਰੇ ਨ੍ਹਾ ਧੋ ਕੇ ਪੂਜਾ ਕਰਨਾ ਚੰਗਾ ਲੱਗਦਾ ਸੀ। ਪਾਠ ਪੂਜਾ ਤਾਂ ਉਹ ਹੁਣ ਵੀ ਕਰਦੀ ਸੀ ਪਰ ਆਪਣੀ ਮਰਜੀ ਨਾਲ। ਬਹੁਤੀਆਂ ਗੱਲਾਂ ਵੀ ਉਹ ਨਹੀਂ ਸੀ ਕਰਦੀ। ਪਰ ਘਰ ਦੇ ਰੂਟੀਨ ਦੇ ਕੰਮ ਉਹ ਸਾਰੇ ਕਰਦੀ ਸੀ। ਬੀਜੀ ਬਾਊ ਜੀ ਦਾ ਖਿਆਲ ਰੱਖਦੀ, ਬੱਚਿਆਂ ਨੂੰ ਹੋਮ ਵਰਕ ਕਰਵਾਉਂਦੀ ਹੋਰ ਆਏ ਗਏ ਦਾ ਵੀ ਬਣਦਾ-ਤਣਦਾ ਮਾਣ-ਤਾਣ ਕਰਦੀ।
